ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਸੇਵਾ ਮੁਕਤ ਹੋਏ
Nov30,2023
| Surinder Dalla |
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਅੱਜ ਸੇਵਾ ਮੁਕਤ ਹੋ ਗਏ| ਇਸ ਮੌਕੇ ਤੇ ਉਹਨਾਂ ਨੂੰ ਵਿਦਾਇਗੀ ਦੇਣ ਲਈ ਇੱਕ ਵਿਸ਼ੇਸ਼ ਇਕੱਤਰਤਾ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਈ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ|
ਡਾ. ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੋਵਾਂ ਮਾਹਿਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਦੇ ਨਾਲ-ਨਾਲ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਪਸਾਰ ਢਾਂਚੇ ਦੀ ਮਜ਼ਬੂਤੀ ਲਈ ਬੇਹੱਦ ਮੂਲਵਾਨ ਕੋਸ਼ਿਸ਼ਾਂ ਕੀਤੀਆਂ ਹਨ| ਉਹਨਾਂ ਨੇ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿਚ ਡਾ. ਛੁਨੇਜਾ ਵੱਲੋਂ ਦਿੱਤੇ ਇਤਿਹਾਸਕ ਯੋਗਦਾਨ ਦੇ ਨਾਲ-ਨਾਲ ਡਾ. ਬੁੱਟਰ ਵੱਲੋਂ ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੀਆਂ ਖੋਜਾਂ ਦੀ ਵਡਿਆਈ ਕੀਤੀ| ਡਾ. ਗੋਸਲ ਨੇ ਕਿਹਾ ਕਿ ਇਹ ਦੋਵੇਂ ਮਾਹਿਰ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਆਪਣੇ ਵਿਚਾਰ ਅਤੇ ਸੁਝਾਵਾਂ ਨਾਲ ਯੂਨੀਵਰਸਿਟੀ ਦੀ ਸੇਵਾ ਕਰਦੇ ਰਹਿਣਗੇ|
ਡਾ. ਗੁਰਮੀਤ ਸਿੰਘ ਬੱੁਟਰ ਨੇ ਆਪਣੇ ਭਾਵਪੂਰਤ ਸੰਦੇਸ਼ ਵਿਚ ਆਪਣੇ ਸਹਿਕਰਮੀਆਂ ਵੱਲੋਂ ਦਿੱਤੇ ਸਹਿਯੋਗ ਅਤੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਇਕ ਵਿਦਿਆਰਥੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਹਨਾਂ ਨੇ ਜੋ ਵੀ ਪ੍ਰਾਪਤੀਆਂ ਕੀਤੀਆਂ ਇਸ ਵਿਚ ਉਹਨਾਂ ਦੀ ਮਿਹਨਤ ਦੇ ਨਾਲ-ਨਾਲ ਇਸ ਸੰਸਥਾ ਦੇ ਵੱਕਾਰ ਅਤੇ ਸਹਿਯੋਗੀਆਂ ਦਾ ਯੋਗਦਾਨ ਵੀ ਅਹਿਮ ਹੈ|
ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਪੀ.ਏ.ਯੂ. ਵਿਚ ਆਪਣੇ ਸਫਰ ਬਾਰੇ ਭਾਵੁਕ ਅੰਦਾਜ਼ ਵਿਚ ਗੱਲਾਂ ਕੀਤੀਆਂ| ਉਹਨਾਂ ਕਿਹਾ ਕਿ ਇਸ ਥਾਂ ਉਹਨਾਂ ਦੇ ਸੁਪਨਿਆਂ ਨੇ ਉਡਾਣ ਭਰੀ ਅਤੇ ਉਹਨਾਂ ਨੇ ਇਕ ਕੀਟ ਵਿਗਿਆਨੀ ਵਜੋਂ ਉਤਸ਼ਾਹ ਨਾਲ ਕਾਰਜ ਕਰਨ ਦੀ ਪ੍ਰੇਰਨਾ ਪੀ.ਏ.ਯੂ. ਦੇ ਮਾਹੌਲ ਤੋਂ ਹਾਸਲ ਕੀਤੀ|
ਜ਼ਿਕਰਯੋਗ ਹੈ ਕਿ ਡਾ. ਬੁੱਟਰ ਨੇ ਆਪਣੀ ਸਮੁੱਚੀ ਸਿੱਖਿਆ ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਪੀ.ਏ.ਯੂ. ਤੋਂ ਹਾਸਲ ਕੀਤੀ| ਉਹਨਾਂ ਨੇ ਕਿਸਾਨ ਸਲਾਹਕਾਰ ਸੇਵਾ ਕੇਂਦਰ ਜਲੰਧਰ ਤੋਂ ਆਪਣੀ ਨੌਕਰੀ ਆਰੰਭ ਕੀਤੀ| 2007 ਵਿਚ ਉਹ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਬਣੇ ਅਤੇ 2010-2015 ਤੱਕ ਫਸਲ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਕਰਦੇ ਰਹੇ| ਡਾਇਰੈਕਟੋਰੇਟ ਪਸਾਰ ਸਿੱਖਿਆ ਨਾਲ ਵੀ ਉਹਨਾਂ ਨੇ 2016-2023 ਤੱਕ ਆਪਣੀਆਂ ਸੇਵਾਵਾਂ ਦਿੱਤੀਆਂ|
ਉਹਨਾਂ ਨੂੰ ਮਿਲਣ ਵਾਲੇ ਮੁੱਖ ਸਨਮਾਨਾਂ ਵਿਚ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਵਿਸ਼ੇਸ਼ ਸਨਮਾਨ ਪੱਤਰ, ਧੀਰੂ ਮੁਰਾਰਜੀ ਯਾਦਗਾਰੀ ਐਵਾਰਡ, ਵਿਸ਼ੇਸ਼ ਵਿਗਿਆਨੀ ਐਵਾਰਡ, ਫਸਲ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਵੱਲੋਂ ਸੋਨ ਤਮਗਾ ਅਤੇ ਡਾ. ਪੀ ਐੱਸ ਖਾਨਖੋਜੇ ਯਾਦਗਾਰੀ ਸੋਨ ਤਮਗਾ 2016 ਸ਼ਾਮਿਲ ਹਨ|
ਡਾ. ਛੁਨੇਜਾ ਨੇ ਬੀ ਐੱਸ ਸੀ ਅਤੇ ਐੱਮ ਐੱਸ ਸੀ ਕੀਟ ਵਿਗਿਆਨ ਸੋਨ ਤਮਗਿਆਂ ਨਾਲ ਪੂਰੀ ਕੀਤੀ| ਆਪਣੀ ਸਿੱਖਿਆ ਦੌਰਾਨ ਉਹਨਾਂ ਨੇ ਕਈ ਵਜ਼ੀਫੇ ਅਤੇ ਸਕਾਲਰਸ਼ਿਪਾਂ ਹਾਸਲ ਕੀਤੀਆਂ| ਨੌਕਰੀ ਤੇ ਆਉਣ ਤੋਂ ਬਾਅਦ ਵੀ ਉਹ ਵੱਖ-ਵੱਖ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ| ਉਹਨਾਂ ਨੇ ਸ਼ਹਿਦ ਮੱਖੀ ਨਾਲ ਸੰਬੰਧਤ 31 ਰਾਸ਼ਟਰੀ ਪੱਧਰੀ ਸਿਫ਼ਾਰਸ਼ਾਂ ਦਿੱਤੀਆਂ| 125 ਖੋਜ ਪੇਪਰ ਉਹਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੋਏ| ਸ਼ਹਿਦ ਮੱਖੀ ਦੇ ਪਾਲਣ, ਬਿਮਾਰੀਆਂ, ਪੋਸ਼ਣ ਅਤੇ ਹੋਰ ਪੱਖਾਂ ਬਾਰੇ ਉਹਨਾਂ ਦੇ ਖੋਜ ਕਾਰਜ ਨੂੰ ਰਾਸ਼ਟਰੀ ਪੱਧਰ ਤੇ ਮਾਣਤਾ ਦਿੱਤੀ ਗਈ| ਡਾ. ਛੁਨੇਜਾ ਨੂੰ ਬਹੁਤ ਸਾਰੇ ਐਵਾਰਡ ਮਿਲੇ ਜਿਨ੍ਹਾਂ ਵਿਚ ਪ੍ਰੋਫੈਸਰ ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ਤਾ ਚੇਅਰ ਪੁਰਸਕਾਰ ਪ੍ਰਮੁੱਖ ਹੈ|
ਇਸ ਵਿਦਾਇਗੀ ਸਮਾਰੋਹ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰਾਂ ਵਾਲੇ ਅੰਗਰੇਜ਼ੀ ਵਿਚ ਛਪੀ ਕਿਤਾਬ ਜਾਰੀ ਕੀਤੀ ਗਈ| ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ|
-