ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੈਂਤੀ ਅੱਖਰੀ ਲਿਖਣ ਪ੍ਰਤੀਯੋਗਿਤਾ ਕਰਵਾਈ ਗਈ
Nov30,2023
| Surinder Dalla |
ਮੌਜੂਦਾ ਸਮੇਂ ਅੰਦਰ ਬੱਚਿਆਂ,ਖਾਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨ ਅਤੇ ਪੰਜਾਬੀ ਭਾਸ਼ਾ ਨੂੰ ਵੱਧ ਤੋ ਵੱਧ ਸਤਿਕਾਰ ਦੇਣ ਦੇ ਮਨੋਰਥ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਪੈਂਤੀ ਅੱਖਰੀ ਗੁਰਮੁੱਖੀ ਲਿਖਣ ਦੀ ਪ੍ਰਤੀਯੋਗਿਤਾ ਕਰਵਾਈ ਗਈ।ਬੀਬੀ ਤਰਨਜੀਤ ਕੌਰ ਤੇ ਬੀਬੀ ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਅਤੇ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਮੁੱਖ ਸ.ਰਣਜੀਤ ਸਿੰਘ ਖਾਲਸਾ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਵਿੱਚ ਆਯੋਜਿਤ ਕੀਤੀ ਗਈ ਪੈਂਤੀ ਅੱਖਰੀ ਲਿਖੋ ਪ੍ਰਤੀਯੋਗਿਤਾ ਅੰਦਰ ਵੱਖ ਵੱਖ ਉਮਰ ਦੇ ਅੱਸੀ ਬੱਚਿਆਂ ਤੇ ਪੰਜਾਹ ਦੇ ਕਰੀਬ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਿੱਥੇ ਹੋਏ ਸਮੇਂ ਵਿੱਚ ਆਪਣੀ ਸੁੰਦਰ ਲਿਖਣ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਲਿਖਤੀ ਪ੍ਰਤੀਯੋਗਿਤਾ ਅੰਦਰ ਪ੍ਰਿੰਸੀਪਲ ਰਿਟਾਇਰਡ ਮੈਡਮ ਮਨਜੀਤ ਕੌਰ ਨੇ ਬਤੌਰ ਜੱਜ ਦੀ ਭੂਮਿਕਾ ਬੜੀ ਬਾਖੂਬੀ ਨਾਲ ਨਿਭਾਈ ਅਤੇ ਪ੍ਰਤੀਯੋਗਤਾ ਦੇ ਵੱਖ ਵੱਖ ਗਰੁੱਪਾਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਤੇ ਬੀਬੀਆਂ ਦੇ ਨਾਮਾਂ ਦੀ ਘੋਸ਼ਣਾ ਕੀਤੀ।ਇਸ ਮੌਕੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਉਚੇਚੇ ਤੌਰ ਤੇ ਆਪਣੀ ਨਿੱਘੀ ਅਸੀਸ ਦੇਣ ਲਈ ਪੁੱਜੇ ਉੱਘੇ ਸਮਾਜ ਸੇਵਕ ਸ.ਜਤਿੰਦਰਪਾਲ ਸਿੰਘ ਸਲੂਜਾ, ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ, ਬੀਬੀ ਦਲਜੀਤ ਕੌਰ ਭਾਟੀਆ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਪਾਲ ਸਿੰਘ ਗੋਲਡੀ ਅਤੇ ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਮੁੱਖ ਸ.ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਵੱਡੇ ਪੱਧਰ ਤੇ ਲੋੜ ਹੈ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਵਿੱਚ ਕਾਮਯਾਬੀ ਪ੍ਰਾਪਤ ਕਰ ਸਕਾਂਗੇ।ਇਸ ਦੌਰਾਨ ਸਮੂਹ ਸ਼ਖਸ਼ੀਅਤਾਂ ਨੇ ਬੀਬੀ ਤਰਨਜੀਤ ਕੌਰ ਤੇ ਬੀਬੀ ਗੁਰਦਰਸ਼ਨ ਕੌਰ ਦਾ ਵੱਲੋ ਪੰਜਾਬੀ ਭਾਸ਼ਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋ ਯਾਦਗਾਰੀ ਸਨਮਾਨ ਚਿੰਨ੍ਹ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਪ੍ਰਤੀਯੋਗਿਤਾ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਤੇ ਬੀਬੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਗਿਫਟ ਪੈਕ ਭੇਟ ਕਰਕੇ ਆਪਣੀ ਪਿਆਰ ਭਰੀ ਆਸੀਸ ਦਿੱਤੀ।
-