ਅਲਵਿਦਾ ਨਹੀਂ ਯਾਰਾ! ਤੂੰ ਹਾਜ਼ਰ ਰਹੇਂਗਾ ਸਾਹਾਂ ਵਿੱਚ
ਗੁਰਭਜਨ ਗਿੱਲ
ਇਹੋ ਜਿਹਾ ਹੀ ਮੌਸਮ ਸੀ, ਅੱਜ ਵਰਗਾ, ਜਦ ਸੁਰਿੰਦਰ ਛਿੰਦਾ 49 ਸਾਲ ਪਹਿਲਾਂ ਮਿਲਿਆ। ਲੁਧਿਆਣਾ ਵਿੱਚ ਜਿੱਥੇ ਅੱਜ ਗੁਰੂ ਨਾਨਕ ਸਟੇਡੀਅਮ ਹੈ, ਏਥੇ ਰੜਾ ਮੈਦਾਨ ਹੁੰਦਾ ਸੀ , ਜਿਸਨੂੰ ਰੱਖ ਬਾਗ ਕਹਿੰਦੇ ਸਨ। ਉਸਤਾਦ ਜਸਵੰਤ ਭੰਵਰਾ ਜੀ ਦੇ ਸੰਗੀਤ ਵਿੱਚ ਸੁਰਿੰਦਰ ਛਿੰਦਾ ਨੇ ਬੜੀ ਬੁਲੰਦ ਆਵਾਜ਼ ਵਿੱਚ “ਭੁੱਲਾ ਰਾਮ ਚੰਨ” ਗੁਰਾਇਆ ਵਾਲੇ ਦਾ ਗੀਤ ਗਾਇਆ।
ਪੀਣ ਤੋਂ ਮੈਨੂੰ ਰੋਕ ਨਾ ਸਾਕੀ,
ਯਾਦਾਂ ਉਸਦੀਆਂ ਕੂਕਦੀਆਂ।
ਬੋਤਲ ਵਿੱਚੋਂ ਲਪਟਾਂ ਆਵਣ,
ਮੈਨੂੰ ਮੇਰੀ ਮਾਸ਼ੂਕ ਦੀਆਂ।
ਆਵਾਜ਼ ਏਨੀ ਨਿਵੇਕਲੀ ਤੇ ਖ਼ੂਬਸੂਰਤ ਸੀ ਕਿ ਸਰੋਤਿਆਂ ਵਿੱਚ ਬੈਠੇ ਮੈਂ ਤੇ ਮੇਰਾ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਅਸ਼ ਅਸ਼ ਕਰ ਉੱਠੇ। ਸਾਡੀ ਵਾਹਵਾ ਸੁਣ ਕੇ ਅਗਲੀ ਪਾਲ ਵਿੱਚ ਬੈਠੇ ਸਿਰਕੱਢ ਗੀਤਕਾਰ ਬਾਬੂ ਸਿੰਘ ਮਾਨ ਨੇ ਵੀ ਸਾਡੀ ਤਾਈਦ ਕੀਤੀ। ਸਾਨੂੰ ਦੇਹਾਂ ਨੂੰ ਬੇਹੱਦ ਚੰਗਾ ਲੱਗਿਆ।
ਲੁਧਿਆਣੇ ਘੰਟਾ ਘਰ ਚੌਂਕ ਸਥਿਤ ਨੈਸ਼ਨਲ ਮਿਊਜ਼ਿਕ ਕਾਲਿਜ ਵਿੱਚ ਹੀ ਉਦੋਂ ਪੰਜਾਬੀ ਸਾਹਿੱਤ ਸਭਾ ਲੁਧਿਆਣਾ ਦੀਆਂ ਇਕੱਤਰਤਾਵਾਂ ਹੁੰਦੀਆਂ ਸਨ ਕਿਉਂਕਿ ਇਸ ਕਾਲਿਜ ਦੇ ਸੰਚਾਲਕ ਉਸਤਾਦ ਜਸਵੰਤ ਭੰਵਰਾ ਜੀ ਦੀ ਜੀਵਨ ਸਾਥਣ ਸੁਰਜੀਤ ਕੌਰ ਨੂਰ ਵੀ ਵਧੀਆ ਕਵਿੱਤਰੀ ਸੀ। ਉਨ੍ਹਾਂ ਦੀ ਮਹਿਮਾਨ ਨਵਾਜ਼ੀ ਮਾਣਦਿਆਂ ਹੀ ਸੁਰਿੰਦਰ ਛਿੰਦਾ ਨਾਲ ਆਹਮੋ ਸਾਹਮਣੇ ਮੁਲਾਕਾਤ ਹੋਈ।
ਹਮਉਮਰ ਹੋਣ ਕਾਰਨ ਅਸੀਂ ਦੋ ਤਿੰਨ ਮੁਲਾਕਾਤਾਂ ਵਿੱਚ ਹੀ ਖੁੱਲ੍ਹ ਗਏ। ਛਿੰਦਾ ਮੈਥੋਂ ਅਠਾਰਾਂ ਦਿਨ ਨਿੱਕਾ ਸੀ ਤੇ ਸ਼ਮਸ਼ੇਰ ਸਵਾ ਸਾਲ ਸਾਥੋਂ ਵੱਡਾ। ਸੁਰਿੰਦਰ ਛਿੰਦਾ ਨੇ ਦੱਸਿਆ ਕਿ ਉਹ ਡਿਵੀਯਨ ਨੰਬਕ ਤਿੰਨ ਲਾਗੇ ਨਿੰਮ ਵਾਲਾ ਚੌਂਕ ਵਿੱਚ ਰਹਿੰਦਾ ਹੈ, ਆਪਣੇ ਪਰਿਵਾਰ ਨਾਲ। ਉਸ ਦੇ ਵੱਡੇ ਵਡੇਰੇ ਕੁਝ ਸਮਾਂ ਪਹਿਲਾਂ ਹੀ ਅਯਾਲੀ ਖ਼ੁਰਦ(ਲੁਧਿਆਣਾ) ਤੋਂ ਸ਼ਹਿਰ ਆਣ ਵੱਸੇ ਸਨ। ਉਸ ਦੇ ਪਿਤਾ ਜੀ ਮਿਸਤਰੀ ਬਚਨਾ ਰਾਮ ਭਾਵੇਂ ਪੰਡਿਤ ਗੋਵਰਧਨ ਦਾਸ ਅਪਰੇ ਵਾਲਿਆਂ ਦੇ ਸ਼ਾਸਤਰੀ ਸੰਗੀਤ ਵਿੱਚ ਸ਼ਾਗਿਰਦ ਸਨ, ਪਰ ਉਹ ਪਿਤਾਪੁਰਖੀ ਲੱਕੜ ਦੇ ਕਿਰਤ ਕਾਰੋਬਾਰ ਨਾਲ ਹੀ ਜੁੜੇ ਰਹੇ। ਜਦ ਕਦੇ ਰਿਆਜ਼ ਕਰਦੇ ਤਾਂ ਛਿੰਦਾ ਕੰਨ ਖੜ੍ਹੇ ਕਰ ਲੈਂਦਾ। ਹਾਰਮੋਨੀਅਮ ਦੀਆਂ ਸੁਰਾਂ ਨਾਲ ਖੇਡਦਾ ਖੇਡਦਾ ਉਹ ਸੁਰ ਇੰਦਰ ਬਣ ਗਿਆ। ਮਾਂ ਵਿਦਿਆ ਦੇਵੀ ਆਖਦੀ, ਵੇ ਪੁੱਤ ਛਿੰਦਿਆ! ਮੇਰੇ ਨਾਮ ਦੀ ਲਾਜ ਵੀ ਰੱਖ। ਵਿਦਿਆ ਹਾਸਲ ਕਰ ਤੇ ਘਰ ਦੀ ਕੰਗਾਲੀ ਜੜ੍ਹੋਂ ਪੱਟ ਦੇ।
ਇਹਾਤਾ ਸ਼ੇਰ ਜੰਗ ਤੋਂ ਪ੍ਰਾਇਮਰੀ ਪਾਸ ਕਰਕੇ ਉਹ ਸਰਕਾਰੀ ਮਲਟੀ ਪਰਪਜ਼ ਸਕੂਲੇ ਛੇਵੀਂ ਜਮਾਤ ਚ ਪੜ੍ਹਨ ਆਣ ਲੱਗਿਆ। ਇਥੇ ਉਸ ਦੇ ਰਾਜਿੰਦਰ ਸਿੰਘ ਬਸੰਤ ਤੇ ਡਾ. ਨਰਿੰਦਰ ਸਿੰਘ ਇੱਛਪੁਨਾਨੀ ਦੋ ਪੱਕੇ ਮਿੱਤਰ ਬਣੇ। ਮਰਦੇ ਦਮ ਤੀਕ ਨਿਭਣ ਵਾਲੇ ਯਾਰ।
ਛਿੰਦਾ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਜੱਦੀ ਪਿੰਡ ਝਾਂਡੇ ਛੱਡ ਕੇ ਅਯਾਲੀ ਖ਼ੁਰਦ ਕਿਰਤ ਕਮਾਉਣ ਆਏ ਸਨ। ਉਸ ਨੇ ਝਾਂਡੇ ਪਿੰਡ ਵਿੱਚ ਹਮੇਸ਼ਾਂ ਨਿਸ਼ਕਾਮ ਗਾਇਆ। ਉਸ ਨੂੰ ਇਹ ਮਾਣ ਸੀ ਕਿ ਪਿੰਡ ਵਾਲੇ ਮੈਨੂੰ “ਆਪਣਾ ਪੁੱਤਰ “ਕਹਿੰਦੇ ਨੇ।
ਉਸਤਾਦ ਜਸਵੰਤ ਭੰਵਰਾ ਦੇ ਲੜ ਉਹ 1972 ‘ਚ ਲੱਗਿਆ। ਉਸ ਦੇ ਸਕੂਲ ‘ਚ ਪੜ੍ਹਾਉਂਦੇ ਪੀ ਟੀ ਮਾਸਟਰ ਸਃ ਹਰਦੇਵ ਸਿੰਘ ਗਰੇਵਾਲ ਤੇ ਉਨ੍ਹਾਂ ਦੇ ਮਿੱਤਰ ਹਰਦੇਵ ਦਿਲਗੀਰ ਥਰੀਕਿਆਂ ਵਾਲੇ ਉਸ ਨੂੰ ਭੰਵਰਾ ਦੇ ਚੁਬਾਰਿਆਂ ਵਿੱਚ ਦਾਖ਼ਲ ਕਰਵਾ ਗਏ ਸਨ। ਇਹ ਕਹਿ ਕੇ ਪਰਤੇ ਕਿ ਭੰਵਰੇ ਤੋਂ ਵੱਡਾ ਉਸਤਾਦ ਨਹੀਂ ਕੋਈ, ਚੰਗੀ ਤਰ੍ਹਾਂ ਸਿੱਖੀਂ। ਸਭ ਕਲਾਕਾਰ ਭਵੇਂ ਹਰਚਰਨ ਗਰੇਵਾਲ ਹੋਵੇ ਜਾਂ ਕਰਨੈਲ ਗਿੱਲ, ਸਾਜਨ ਰਾਏ ਕੋਟੀ ਹੋਵੇ ਜਾਂ ਰਮੇਸ਼ ਰੰਗੀਲਾ,ਸੁਰਜੀਤ ਮਾਧੋਪੁਰੀ ਹੋਵੇ ਜਾਂ ਸਵਰਨ ਲਤਾ, ਸੁਦੇਸ਼ ਕਪੂਰ ਹੋਵੇ ਜਾਂ ਕਰਮਜੀਤ ਗਰੇਵਾਲ ਸਭ ਇਸ ਤੋਂ ਹੀ ਸਿੱਖੇ ਨੇ। ਕੱਬਾ ਜ਼ਰੂਰ ਹੈ ਪਰ ਮਿੱਟੀਉਂ ਸੋਨਾ ਇਹੀ ਬਣਾਉਂਦੈ। ਟਿਕਿਆ ਰਹੇਂਗਾ ਤਾਂ ਲੋਹਿਉਂ ਪਾਰਸ ਬਣ ਜਾਵੇਗਾ।
ਸੁਰਿੰਦਰ ਛਿੰਦਾ ਨੇ ਤਪੱਸਵੀ ਵਾਂਗ ਆਪਣੇ ਮੁਰਸ਼ਦ ਦੀ ਆਰਾਧਨਾ ਕੀਤੀ। ਕਦਮ ਕਦਮ ਤੇ ਲਏ ਸਬਕ ਨੂੰ ਸੀਹੀਂ ਰਮਾਇਆ ਤੇ ਮਨ ਇੱਛਤ ਫ਼ਲ ਪਾਇਆ। ਭੰਵਰਾ ਸਾਹਿਬ ਨੇ ਵੀ ਕਠਿਨ ਤੋਂ ਕਠਿਨ ਪ੍ਰੀਖਿਆ ਲਈ, ਪਰ ਛਿੰਦਾ ਹਰ ਵਾਰ ਪਾਸ ਹੋਇਆ।
ਸੁਰਿੰਦਰ ਛਿੰਦਾ ਨੇ ਇੱਕ ਵਾਰ ਆਪ ਦੱਸਿਆ ਕਿ ਉਸਤਾਦ ਜੀ ਨੇ ਇਸ਼ਨਾਨ ਕਰਨ ਲਈ ਮੈਥੋਂ ਇੱਕੀ ਬਾਲਟੀਆਂ ਹੇਠੋਂ ਚੁਬਾਰੇ ਵਿੱਚ ਮੰਗਵਾਇਆ। ਮੈਂ ਢੋਈ ਗਿਆ, ਉਹ ਨਹਾਈ ਗਏ। ਨਹੀ ਧੋ ਕੇ ਬੋਲੇ, ਹੁਣ ਤੂੰ ਸੂਈ ਦੇ ਨੱਕੇ ਵਿੱਚੋਂ ਲੰਘ ਗਿਆ, ਬੱਸ ਹੁਣ ਹੋਰ ਪ੍ਰੀਖਿਆ ਨਹੀਂ, ਹਰ ਮੈਦਾਨ ਫ਼ਤਹਿ ਪਾਵੇਂਗਾ। ਦਰਿਆ ਵੀ ਤੈਨੂੰ ਪਾਰ ਲੰਘਾਉਣ ਲਈ ਝੁਕ ਕੇ ਵਗੇਗਾ।
ਅਗਲੇ ਹੀ ਸਾਲ ਹਿਜ਼ ਮਾਸਟਰਜ਼ ਵਾਇਸ ਕੰਪਨੀ ਵਿੱਚ ਸੁਰਿੰਦਰ ਛਿੰਦਾ ਦੀ ਸੁਦੇਸ਼ ਕਪੂਰ ਨਾਲ ਰੀਕਾਰਡਿੰਗ ਕਰਵਾ ਦਿੱਤੀ। ਇਸ ਮਗਰੋਂ ਚਲ ਸੋ ਚਲ ਹੋ ਗਈ।
ਦੋਗਾਣਾ ਗਾਇਕੀ ਵਿੱਚ ਉਦੋਂ ਮੁਹੰਮਦ ਸਦੀਕ-ਰਣਜੀਤ ਕੌਰ,ਦੀਦਾਰ ਸੰਧੂ-ਸਨੇਹ ਲਤਾ,ਕੇ ਦੀਪ-ਜਗਮੋਹਨ ਕੌਰ, ਸਵਰਨ ਲਤਾ-ਕਰਮਜੀਤ ਧੂਰੀ, ਨਰਿੰਦਰ ਬੀਬਾ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤੂਤੀ ਬੋਲਦੀ ਸੀ। ਸੁਰਿੰਦਰ ਛਿੰਦਾ ਨਾਲ ਪਹਿਲਾਂ ਸੁਰਿੰਦਰ ਸੋਨੀਆ ਤੇ ਮਗਰੋਂ ਗੁਲਂਸਨ ਕੋਮਲ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।
ਕਲੀਆਂ ਤੇ ਲੋਕ ਗਾਥਾਵਾਂ ਦੇ ਗਾਇਨ ਵਿੱਚ ਕੁਲਦੀਪ ਮਾਣਕ ਦੀ ਸਰਦਾਰੀ ਪੂਰੇ ਵਿਸ਼ਵ ਵਿੱਚ ਮੰਨੀ ਪਰਮੰਨੀ ਸੀ। ਹਰਦੇਵ ਦਿਲਗੀਰ ਥਰੀਕੇ ਵਾਲਿਆਂ ਦੀ ਕਲਮ ਦਾ ਜਾਦੂ ਪੌਣਾਂ ਚ ਨਵੇਂ ਨਵੇਲੇ ਰੰਗ ਘੋਲ਼ ਰਿਹਾ ਸੀ।
ਸੁਰਿੰਦਰ ਛਿੰਦਾ ਨੇ ਕਲੀਆਂ ਤੇ ਲੋਕ ਗਾਥਾਵਾਂ ਦੇ ਗਾਇਨ ਵਿੱਚ ਪਹਿਲੇ ਈ ਪੀ ਰੀਕਾਰਡ “ਉੱਚਾ ਬੁਰਜ ਲਾਹੌਰ ਦਾ “ਰਾਹੀਂ ਪੈਰ ਪਾਇਆ। ਪਹਿਲੀ ਪੇਸ਼ਕਾਰੀ ਹੀ ਲੰਮੀ ਲਕੀਰ ਵਾਹ ਗਈ। ਦੂਜੀ ਪੇਸ਼ਕਾਰੀ “ਨੈਣਾਂ ਦੇ ਵਣਜਾਰੇ “ਨੇ ਤਾਂ ਪੁਰਾ ਗਲੋਬ ਹਿਲਾ ਕੇ ਰੱਖ ਦਿੱਤਾ।
ਦੇ ਊਠਾਂ ਵਾਲੇ ਨੀ,
ਲੁੱਟ ਕੇ ਸੇਜ ਸੱਸੀ ਦੀ ਲੈ ਗਏ।
ਮੈਂ ਕਦੇ ਨਾ ਸੌਂਦੀ ਨੀ,
ਜੇ ਤੂੰ ਸੌਂ ਜਾਣਾ ਤਕਦੀਰੇ।
ਵੰਗਾਂ ਟੁੱਟੀਆਂ ਵੀਣੀ ਚੋਂ,
ਟੁੱਟੇ ਸ਼ਗਨਾਂ ਦੇ ਕਲੀਰੇ।
ਚਾਅ ਉਮਰ ਕੁਆਰੀ ਦੇ,
ਹੋਣੀਏ ਵਿੱਚ ਦਿਲਾਂ ਦੇ ਰਹਿ ਗਏ।
ਦੋ ਊਠਾਂ ਵਾਲੇ ਨੀ
ਲੁੱਟ ਕੇ ਸੇਜ ਸੱਸੀ ਦੀ ਲੈ ਗਏ।
ਹਰਦੇਵ ਦਿਲਗੀਰ ਨੇ ਇਹ ਗੱਲ ਮੈਨੂੰ ਕਈ ਵਾਰ ਆਪ ਦੱਸੀ ਸੀ ਕਿ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਜੇਕਰ ਮੇਰੀਆਂ ਲਿਖੀਆਂ ਲੋਕ ਗਾਥਾਵਾਂ ਨੂੰ ਨਾ ਮਿਲਦੇ ਤਾਂ ਪੰਜਾਬ ਲੋਕ ਸੰਗੀਤ ਦਾ ਮੁਹਾਂਦਰਾ ਹੀ ਹੋਰ ਹੋਣਾ ਸੀ। ਦੇਵੇਂ ਮੇਰੇ ਸੱਜੇ ਖੱਬੇ ਨੇਤਰ ਸਨ ਪਰ ਇੱਕ ਗੱਲ ਦਾ ਜ਼ਰੂਰ ਪਛਤਾਵਾ ਹੈ ਕਿ ਦੋਹਾਂ ਨੇ ਇੱਕ ਵੀ ਰੀਕਾਰਡਿੰਗ ਇਕੱਠਿਆਂ ਨਹੀਂ ਕੀਤੀ। “ਜਿਓਣਾ ਮੌੜ” ਓਪੇਰੇ ਵੇਲੇ ਸੰਗੀਤਕਾਰ ਚਰਨਜੀਤ ਆਹੂਜਾ ਦੀ ਵੀ ਦਿਲੀ ਇੱਛਾ ਸੀ ਕੇ ਜਿਓਣੇ ਵਾਲਾ ਹਿੱਸਾ ਸੁਰਿੰਦਰ ਛਿੰਦਾ ਗਾਵੇ ਤੇ ਡੋਗਰ ਵਾਲਾ ਭਾਗ ਕੁਲਦੀਪ ਮਾਣਕ ਗਾਵੇ ਪਰ ਰੀਹਰਸਲ ਕਰਨ ਦੇ ਬਾਵਜੂਦ ਆਖ਼ਰੀ ਵਕਤ ਕੁਲਦੀਪ ਮਾਣਕ ਇਸ ਪ੍ਰਾਜੈਕਟ ਵਿੱਚੋਂ ਅਰਲੀ ਤੁੜਾ ਗਿਆ। ਦੋਵੇਂ ਭਾਗ ਸੁਰਿੰਦਰ ਛਿੰਦਾ ਨੂੰ ਹੀ ਗਾਉਣੇ ਪਏ। ਉਸ ਨੇ ਬੇਹੱਦ ਵਧੀਆ ਤੇ ਬੁਲੰਦ ਆਵਾਜ਼ ਵਿੱਚ ਬੋਲ ਨਿਭਾਏ। ਇਸ ਨਾਲ ਪੰਜਾਬੀ ਲੋਕ ਸੰਗੀਤ ਦਾ ਮੁਹਾਂਦਰਾ ਹੀ ਤਬਦੀਲ ਹੋ ਗਿਆ।
ਸੁਰਿੰਦਰ ਛਿੰਦਾ ਦੇ ਅੰਤਿਮ ਸੰਸਕਾਰ ਵਾਲੇ ਦਿਨ ਮੇਰੇ ਨਾਲ ਬੈਠਿਆਂ ਚਰਨਜੀਤ ਆਹੂਜਾ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ।
ਸੁਰਿੰਦਰ ਛਿੰਦਾ ਨਵੇਂ ਤੋਂ ਨਵੇਂ ਟੇਲੈਂਟ ਨੂੰ ਲੱਭਦਾ ਰਹਿੰਦਾ ਸੀ। ਸ਼ਮਸ਼ੇਰ ਸਿੰਘ ਸੰਧੂ ਨਾਲ ਉਹ ਕਈ ਕਈ ਦਿਨ ਚੰਗੇ ਗੀਤਾਂ ਦੀ ਨਿਰਖ ਪਰਖ ਕਰਦਾ। ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਤੇ ਸ਼ਮਸ਼ੇਰ ਨਾਲ ਤਾਂ ਉਹ ਲੋਕ ਤਰਜ਼ਾਂ ਬਾਰੇ ਵੀ ਘੰਟਿਆਂ ਬੱਧੀ ਵਿਚਾਰ ਕਰਦਾ ਰਹਿੰਦਾ। ਸ਼ਮਸ਼ੇਰ ਦਾ ਪਹਿਲਾ ਗੀਤ “ਜਾਨੀ ਚੋਰ”ਵੀ ਸੁਰਿੰਦਰ ਛਿੰਦਾ ਨੇ ਹੀ ਰੀਕਾਰਡ ਕਰਵਾਇਆ ਸੀ। ਪਾਲੀ ਦੇਤਵਾਲੀਆ, ਬਚਨ ਬੇਦਿਲ, ਜਸਵੰਤ ਸੰਦੀਲਾ, ਮੋਹਨ ਬੰਸੀਆਂ ਵਾਲਾ, ਬੰਤ ਰਾਮਪੁਰੇ ਵਾਲਾ, ਅਮਰੀਕ ਸਿੰਘ ਤਲਵੰਡੀ ਤੇ ਕਿੰਨੇ ਹੋਰ ਗੀਤਕਾਰ ਉਸ ਨੇ ਪਹਿਲੀ ਵਾਰ ਰੀਕਾਰਡ ਕੀਤੇ। ਮੇਰੇ ਕੋਲੋਂ ਵੀ ਉਸ ਕੁਝ ਗੀਤ ਲਏ ਤੇ ਰੀਕਾਰਡ ਕਰਵਾਏ। ਦੂਰਦਰਸ਼ਨ ਜਲੰਧਰ ਵਾਸਤੇ “ਮਾਹੀਆ” ਤਾਂ ਉਸ ਉਥੇ ਬੈਠਿਆਂ ਹੀ ਮੈਥੋਂ ਲਿਖਵਾਇਆ।
ਦਾਣੇ ਰਸ ਗਏ ਅਨਾਰਾਂ ਦੇ।
ਕਰਨ ਕਮਾਈਆਂ ਤੁਰ ਗਏ,
ਯਾਰ ਕੱਚੇ ਸੀ ਕਰਾਰਾਂ ਦੇ।
ਕੁਝ ਗੀਤ ਉਸ ਮੇਰੀਆਂ ਕਿਤਾਬਾਂ ਚੋਂ ਲੈ ਕੇ ਵੀ ਗਾਏ। ਮਿਸਾਲ ਵਜੋਂ
ਦੱਸੋ ਗੁਰੂ ਵਾਲਿਉ ਪੰਜਾਬ ਕਿੱਥੇ ਹੈ?
ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ?
ਜਾਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਗੀਤ ਸੀ ਮੇਰਾ।
ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
ਇਸ ਵਿੱਚ ਉਸ ਨੇ ਜਸਬੀਰ ਜੱਸੀ, ਪਾਲੀ ਦੇਤਵਾਲੀਆ ਤੇ ਸੁਰਜੀਤ ਭੁੱਲਰ ਨੂੰ ਨੀ ਅੰਗ ਸੰਗ ਰੱਖਿਆ। ਤਰਨਤਾਰਨ ਵਾਲੇ ਦਿਲਬਾਗ ਸਿੰਘ ਹੁੰਦਲ ਨੇ ਇਸ ਨੂੰ ਹੋਰ ਵਿਸਥਾਰ ਦਿੱਤਾ ਤੇ ਤੇਰਾਂ ਬੰਦ ਤੇਰਾਂ ਹੀ ਗਾਇਕਾਂ ਨੇ ਗਾਏ।
ਸੁਰਿੰਦਰ ਛਿੰਦਾ ਆਪ ਤਾਂ ਵਧੀਆ ਗਾਇਕ ਹੈ ਹੀ ਸੀ, ਉਸ ਦੇ ਸ਼ਾਗਿਰਦ ਵੀ ਖ਼ੂਬ ਚਮਕੇ। ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੁੱਖ ਚਮਕੀਲਾ,ਸੋਹਣ ਸਿਕੰਦਰ, ਨਰਿੰਦਰ ਸਿੰਘ ਜੱਸਲ, ਪ੍ਰੇਮ ਸਿੰਘਪੁਰੀਆ, ਗੋਲਡੀ ਚੌਹਾਨ,ਜੋਗਿੰਦਰ ਸਿੰਘਪੁਰੀਆ ਸਮੇਤ ਕਈ ਹੋਰ।
ਜੇ ਸ਼ੁਰਿੰਦਰ ਛਿੰਦਾ ਦਾ ਦਫ਼ਤਰ ਕਲਰਕ
ਭਾਰੀ ਭਰਕਮ ਰਕਮ ਨਾ ਮੰਗਦਾ ਤਾਂ ਗੋਲਡਨ ਸਟਾਰ ਮਲਕੀਤ ਸਿੰਘ ਯੂ ਕੇ ਤੇ ਵਿਜੈ ਧੰਮੀ ਵੀ ਸੁਰਿੰਦਰ ਛਿੰਦਾ ਦੇ ਸ਼ਾਗਿਰਦ ਹੋਣੇ ਸਨ। ਇਹ ਗੱਲ ਮਲਕੀਤ ਸਿੰਘ ਨੇ ਚਾਰ ਕੁ ਸਾਲ ਪਹਿਲਾਂ ਸਾਡੇ ਘਰ ਵਿੱਚ ਬੈਠਿਆਂ ਸੁਰਿੰਦਰ ਛਿੰਦਾ ਦੀ ਹਾਜ਼ਰੀ ਵਿੱਚ ਦੱਸੀ ਤਾਂ ਅਸੀਂ ਕਿੰਨਾ ਚਿਰ ਹੀ ਹੱਸਦੇ ਰਹੇ।
ਪਰ ਮਲਕੀਤ ਸਿੰਘ ਦੇ ਕਹਿਣ ਮੁਤਾਬਕ ਉਹ ਏਕਲਵਯ ਵਾਂਗ ਸੁਰਿੰਦਰ ਛਿੰਦਾ ਦੀਆਂ ਲੋਕ ਸੰਗੀਤ ਬਾਰੀਕੀਆਂ ਤੇ ਨਜ਼ਰ ਗੱਡ ਕੇ ਰੱਖਦਾ ਹੈ। ਉਸ ਨੇ ਛਿੰਦਾ ਜੀ ਤੋਂ ਬਹੁਤ ਕੁਝ ਲਿਆ ਹੈ।
ਇਹੀ ਗੱਲ ਸੁਰਿੰਦਰ ਸ਼ਿੰਦਾ ਜਨਾਬ ਸ਼ੌਕਤ ਅਲੀ ਸਾਹਿਬ ਬਾਰੇ ਕਹਿੰਦਾ ਹੁੰਦਾ ਸੀ। ਦੋਹਾਂ ਨੇ ਇੰਗਲੈਂਡ ਵਿੱਚ ਪੱਗ ਹੀ ਨਹੀਂ ਦਿਲ ਵੀ ਵਟਾ ਲਏ ਸਨ। ਸ਼ੌਕਤ ਭਾ ਜੀ ਜਦ ਲਾਹੌਰ ਜਾਂ ਪੰਜਾਬ ਆਉਣ ਤੇ ਮਿਲਦੇ ਤਾਂ ਮੇਰਾ ਬੱਬਰਸ਼ੇਰ ਨਿੱਕਾ ਛਿੰਦਾ ਵੀਰ ਕਹਿੰਦੇ। ਉਸੇ ਸਾਕੇਂ ਸ਼ੌਕਤ ਅਲੀ ਜੀ ਦੇ ਪੁੱਤਰ ਇਮਰਾਨ, ਅਮੀਰ ਤੇ ਮੋਹਸਿਨ ਛਿੰਦੇ ਨੂੰ ਚਾਚਾ ਜਾਨ ਕਹਿ ਕੇ ਚੇਤੇ ਕਰਦੇ ਹਨ।
ਸੁਰਿੰਦਰ ਛਿੰਦਾ ਬਹੁਤ ਵਧੀਆ ਮੇਜ਼ਬਾਨ ਸੀ। ਗ਼ਜ਼ਲ ਸਮਰਾਟ ਗੁਲਾਮ ਅਲੀ ਜੀ ਦਾ ਲੁਧਿਆਣੇ ਬੁਲਾ ਕੇ ਆਪਣੇ ਸ਼ਾਗਿਰਦ ਨਰਿੰਦਰ ਜੱਸਲ ਤੋਂ ਸਨਮਾਨ ਕਰਵਾਇਆ। ਪਰਵੇਜ਼ ਮਹਿੰਦੀ ਤੇ ਉਸ ਦੇ ਪੁੱਤਰ ਅਲੀ ਪਰਵੇਜ਼ ਦੀ ਲਗੀਤਕ ਸ਼ਾਮ 1999ਚ ਮੈਨੂੰ ਤੇ ਡਾਃ ਸਤੀਸ਼ ਸ਼ਰਮਾ ਨੂੰ ਨਾਲ ਲੈ ਕੇ ਪੰਜਾਬ ਯੂਨੀਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਹਾਲ ਚ ਕਰਵਾਈ।
ਸੁਰਿੰਦਰ ਛਿੰਦਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਰੁੱਸਣਾ ਆਉਂਦਾ ਸੀ ਤੇ ਉਸ ਤੋਂ ਵੀ ਵਧੀਆ ਅੰਦਾਜ਼ ਨਾਲ ਮਨਾਉਣਾ। ਸੌ ਕੁ ਵਾਰ ਤਾਂ ਉਹ ਮੇਰੇ ਤੇ ਸ਼ਮਸ਼ੇਰ ਸਿੰਘ ਸੰਧੂ ਨਾਲ ਰੁੱਸਿਆ ਹੋਵੇਗਾ। ਮੰਨ ਵੀ ਆਪੇ ਹੀ ਜਾਂਦਾ ਸੀ। ਹੁਣ ਅਜਿਹਾ ਰੁੱਸਿਆ ਕਿ ਮਨਾਉਣ ਵਾਲਿਆਂ ਹੀ ਡੂੰਘੇ ਵਹਿਣੀ ਵਹਾ ਗਿਆ ਹੈ। ਉਸ ਨੇ ਤਾਂ ਕਦੇ ਪਾਕਿਸਤਾਨੀ ਗੀਤ ਵੇ ਤੂੰ ਜੀਅ ਡੋਲੀ ਦਿਆ ਸਾਈਆਂ ਰੂਹ ਨਾਲ ਗਾਇਆ ਸੀ ਪਰ ਹੁਣ ਰੂਹ ਕੱਢ ਕੇ ਲੈ ਜਾਂਦਾ ਹੈ ਓਹੀ ਗੀਤ ਸੁਣਦਿਆਂ।
ਚਰਨਜੀਤ ਆਹੂਜਾ ਉਸ ਨੂੰ ਲੋਕ ਗਾਥਾਵਾਂ ਦਾ ਸ਼ਹਿਨਸ਼ਾਹ ਆਖ ਰਿਹੈ ਤੇ ਹੰਸ ਰਾਜ ਹੰਸ ਬੱਬਰਸ਼ੇਰ ਗਵੱਈਆ।
ਬਾਬੂ ਸਿਘ ਮਾਨ , ਸ਼ਮਸ਼ੇਰ ਸਿੰਘ ਸੰਧੂ ਤੇ ਨਵੇਂ ਗੀਤਕਾਰ ਹੈਪੀ ਰਾਏਕੋਟੀ ਨਾਲ ਇਕਰਾਰ ਤੋੜ ਗਿਆ, ਕਹਿੰਦਾ ਕਹਿੰਦਾ ਤੁਰ ਗਿਆ ਪੂਰੇ ਅੱਠ ਅੱਠ ਗੀਤ ਸਭ ਦੇ ਕਰਾਵਾਂਗਾ, ਪਰ ਦੇਹ ਦਾ ਓਹਲਾ ਕਰ ਗਿਆ। ਬਹੁਤ ਕਾਹਲੀ ਕਰ ਗਿਆ।
ਉਸ ਦੇ ਜਾਣ ਤੇ ਕਿਹੜੀ ਅੱਖ ਨਹੀਂ ਰੋਈ। ਉਹ ਮਾਂ ਲਈ ਦਰਦ ਸਮੁੰਦਰ ਹੋਰ ਭਰ ਗਿਆ। ਜੀਵਨ ਸਾਥਣ ਜੋਗਿੰਦਰ ਕੌਰ ਤੇ ਬੱਚਿਆਂ ਲਈ ਸੁਪਨਾ ਹੋ ਗਿਆ।
ਪ੍ਰੋਃ ਮੋਹਨ ਸਿੰਘ ਜੀ ਦਾ ਸ਼ਿਅਰ ਚੇਤੇ ਆ ਰਿਹੈ।
ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਸੁਰਿੰਦਰ ਛਿੰਦਾ ਨਮਿਤ ਭੋਗ ਤੇ ਅੰਤਿਮ ਅਰਦਾਸ 4ਅਗਸਤ, ਸ਼ੁਕਰਵਾਰ ਦੁਪਹਿਰ 12 ਵਜੇ ਤੋਂ 2ਵਜੇ ਤੀਕ ਗੁਰਦੁਆਰਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਹੋਵੇਗੀ।
ਪਿੱਛੋਂ ਸੁੱਝੀਃ
26ਜੁਲਾਈ ਨੂੰ ਸੁਰਿੰਦਰ ਛਿੰਦਾ ਪੌਣੇ ਸੱਤ ਵਜੇ ਸਵੇਰੇ ਹੀ ਆਖ਼ਰੀ ਫ਼ਤਹਿ ਬੁਲਾ ਗਿਆ ਸਾਨੂੰ। ਮੈਂ ਉਸ ਦੇ ਗੀਤ ਲੱਭ ਲੱਭ ਸੁਣ ਰਿਹਾ ਸਾਂ ਤਾਂ ਉਸ ਦੀ ਇੱਕ ਵੀਡੀ ਓ ਵੇਖ ਕੇ ਮੇਰੀ ਪੌਣੇ ਪੰਜ ਸਾਲ ਦੀ ਪੋਤਰੀ ਅਸੀਸ ਬੋਲੀ,
ਦਾਦਾ! ਤੁਸੀਂ ਸੈਡ ਕਿਉਂ ਹੋ? ਮੇਰਾ ਰੋਣ ਨਿਕਲ ਗਿਆ। ਮੈਂ ਕਿਹਾ ਮੇਰਾ ਦੋਸਤ ਮਰ ਗਿਆ।
ਉਹ ਬੋਲੀ ਮੈਂ ਬਾਬਾ ਜੀ ਨੂੰ ਅਰਦਾਸ ਕਰਦੀ ਹਾਂ ਕਿ ਬਾਬਾ ਜੀ, ਮੇਰੇ ਦਾਦਾ ਦੇ ਫਰੈਡ ਦੀ ਡੈੱਥ ਹੋ ਗਈ ਹੈ ਉਨ੍ਹਾਂ ਦਾ ਦੋਬਾਰਾ ਬਰਥ ਕਰ ਦਿਉ।
ਉਸ ਅੱਖਾਂ ਮੀਟ ਕੇ ਗੁਰੂ ਨਾਨਕ ਪਾਤਸ਼ਾਹ ਕੋਲੋਂ ਇਹ ਮੰਗ ਮੰਗੀ।
Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Surinder Dalla (Editor)