ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਲਈ ਕਲੱਸਟਰ ਅਫਸਰਾਂ ਨਾਲ ਵਰਚੂਅਲ ਮੀਟਿੰਗ
September 18, 2025
Sdm-Malerkotla-Holds-Virtual-Mee

bureau / Malerkotla

 ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ ਬਾਂਸਲ ਨੇ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹੇ ਦੇ ਸਾਰੇ ਕਲੱਸਟਰ ਅਫਸਰਾਂ ਨਾਲ ਆਨਲਾਈਨ ਵਰਚੂਅਲ ਮੀਟਿੰਗ ਕੀਤੀ।ਇਸ ਮੌਕੇ ਤਹਿਸੀਲਦਾਰ ਰਿੱਤੂ ਗੁਪਤਾ ਅਤੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਵੀ ਮੌਜੂਦ ਸਨ । 

            ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਕਲੱਸਟਰ ਅਫਸਰਾਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਪਰਾਲੀ ਸਾੜਨ ਸਬੰਧੀ ਜਾਰੀ ਹੁਕਮਾਂ ਅਤੇ ਹਦਾਇਤਾਂ ਦੀ ਕੜੀ ਪਾਲਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਕਲੱਸਟਰ ਅਫਸਰ ਆਪਣੇ ਅਧੀਨ ਨੋਡਲ ਅਫਸਰਾਂ ਨਾਲ ਮਿਲ ਕੇ ਕਿਸਾਨਾਂ ਨੂੰ ਝੋਨਾ/ਜੀਰੀ ਦੀ ਰਹਿੰਦ-ਖੁੰਹਦ ਨੂੰ ਸਾੜਨ ਦੀ ਬਜਾਏ ਖੇਤ ਵਿੱਚ ਹੀ ਮਿਲਾਉਣ ਜਾਂ ਹੋਰ ਤਰੀਕਿਆਂ ਨਾਲ ਪ੍ਰਬੰਧਿਤ ਕਰਨ ਲਈ ਪ੍ਰੇਰਿਤ ਕਰਨ।

            ਐਸ.ਡੀ.ਐਮ. ਬਾਂਸਲ ਨੇ ਕਿਹਾ ਕਿ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਇਨ-ਸੀਟੂ ਅਤੇ ਐਕਸ-ਸੀਟੂ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਤਕਨੀਕਾਂ ਨਾ ਸਿਰਫ਼ ਪਰਾਲੀ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣਗੀਆਂ ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਣਗੀਆਂ। ਉਹਨਾਂ ਕਿਹਾ ਕਿ ਪਰਾਲੀ ਨੂੰ ਸਾੜਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਵਿਗਿਆਨ, ਤਕਨੀਕੀ ਤੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਸ ਲਈ ਜੇ ਕਿਸੇ ਖੇਤਰ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਵੇ ਤਾਂ ਕਲੱਸਟਰ ਅਫਸਰ ਤੁਰੰਤ ਸੰਬੰਧਤ ਅਥਾਰਟੀ ਦੇ ਧਿਆਨ ਵਿੱਚ ਲਿਆਉਣ।

            ਉਹਨਾਂ ਕਿਹਾ ਕਿ ਸਮੂਹ ਅਫਸਰ ਲੋਕਾਂ ਨੂੰ ਇਸ ਗੱਲ ਬਾਰੇ ਵੀ ਜਾਗਰੂਕ ਕਰਨ ਕਿ ਪਰਾਲੀ ਸਾੜਨ ਨਾਲ ਹਵਾ ਵਿੱਚ ਧੂੰਆ ਪੈਦਾ ਹੁੰਦਾ ਹੈ ਜਿਸ ਨਾਲ ਪ੍ਰਦੂਸ਼ਣ ਵਧਣ ਦੇ ਨਾਲ ਸਾਹ ਸਬੰਧੀ ਬਿਮਾਰੀਆਂ ਦਾ ਖਤਰਾ ਵੀ ਵਧਦਾ ਹੈ।    

         ਐਸ.ਡੀ.ਐਮ. ਨੇ ਕਿਹਾ ਕਿ ਸਾਫ ਹਵਾ, ਉਪਜਾਊ ਮਿੱਟੀ ਅਤੇ ਸਿਹਤਮੰਦ ਪੀੜ੍ਹੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਕਿਸਾਨ ਦਾ ਛੋਟਾ ਜਿਹਾ ਯੋਗਦਾਨ ਵੀ ਵਾਤਾਵਰਣ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ।

           ਇਸ ਵਰਚੂਅਲ ਮੀਟਿੰਗ ਦੌਰਾਨ ਕੱਲਸਟਰ ਅਫਸਰ ਗੁਰਸਿਮਰਤ ਸਿੰਘ, ਹਰਜੀਤ ਸਿੰਘ, ਯਾਦਵਿੰਦਰ ਸਿੰਘ, ਜਸਵੀਰ ਕੌਰ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਸ਼ ਗੋਇਲ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਗਗਨਦੀਪ ਸਿੰਘ, ਮੋਹਿਤ ਟੁਟੇਜਾ, ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਹਾਜਰ ਸਨ

 

Sdm Malerkotla Holds Virtual Meeting With Cluster Officers On Stubble Management


Recommended Posts