September 17, 2025
bureau / Sangrur
ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਕੰਬਾਈਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਝੋਨੇ ਦੇ ਵਾਢੀ ਸੀਜ਼ਨ ਵਿੱਚ ਕੋਈ ਵੀ ਮਸ਼ੀਨ ਸੁਪਰ ਐੱਸ ਐਮ ਐੱਸ ਤੋਂ ਬਿਨਾ ਨਹੀਂ ਚਲਾਈ ਜਾ ਸਕਦੀ ਅਤੇ ਸ਼ਾਮ 06.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਜੀਰੀ ਦੀ ਕਟਾਈ 'ਤੇ ਪੂਰਨ ਪਾਬੰਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਨੇ ਕਿਹਾ ਕਿ ਜੀਰੀ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਜੀਰੀ ਦੀ ਕਟਾਈ ਲਈ ਕੰਬਾਇਨਾਂ ਦੀ ਵਰਤੋਂ 24 ਘੰਟੇ ਵਾਂਗ ਕੀਤੀ ਜਾਂਦੀ ਹੈ। ਇਸ ਲਈ ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਅਤੇ ਦੁਰਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਬਾਇਨਾਂ ਨਾਲ ਰਾਤ ਵੇਲੇ ਹਰੀ ਜੀਰੀ ਜੋ ਕਿ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ ਉਸਦੀ ਕਟਾਈ ਕਰ ਦਿੱਤੀ ਜਾਂਦੀ ਹੈ ਅਤੇ ਇਸ ਕਰਕੇ ਹਰੀ ਕੱਟੀ ਹੋਈ ਜੀਰੀ ਸੁੱਕਣ 'ਤੇ ਕਾਲੀ ਪੈ ਜਾਂਦੀ ਹੈ, ਸਿੱਟੇ ਵਜੋਂ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਤੋਂ ਇਲਾਵਾ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਲਈ ਵਰਤੀਆਂ ਜਾਂਦੀਆਂ ਹਨ, ਜਿਹਨਾਂ ਨਾਲ ਜੀਰੀ ਦੀ ਕੁਆਲਟੀ ਖਰਾਬ ਹੋ ਜਾਂਦੀ ਹੈ ਅਤੇ ਕਈ ਕੰਬਾਇਨਾਂ ਵਿੱਚ ਤਕਨੀਕੀ ਨੁਕਸ ਹੋਣ ਕਾਰਣ ਵੀ ਜੀਰੀ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ, ਇਸ ਕਾਰਣ ਖਰੀਦ ਏਜੰਸੀਆਂ ਵੱਲੋਂ ਜੀਰੀ ਦੀ ਖਰੀਦ ਕਰਨ ਤੋਂ ਮਨਾਹੀ ਕੀਤੀ ਜਾਂਦੀ ਹੈ। ਇਸ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਾ ਸੰਗਰੂਰ ਅੰਦਰ ਸ਼ਾਮ 06.00 ਵਜੇ ਤੋਂ ਲੈ ਕੇ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਜੀਰੀ ਦੀ ਕਟਾਈ 'ਤੇ ਪੂਰਨ ਪਾਬੰਦੀ ਹੈ।
ਉਹਨਾਂ ਕੰਬਾਇਨਾਂ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੰਬਾਇਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਧੀਨੈਂਸ ਬਾਰੇ ਇੰਸਪੈਕਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਕੋਈ ਵੀ ਕੰਬਾਈਨ ਬਗੈਰ ਸੁਪਰ ਐੱਸ ਐਮ ਐੱਸ ਤੋਂ ਨਹੀਂ ਚਲਾਈ ਜਾਵੇਗੀ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਮੁਹਿੰਮ ਜਾਰੀ ਹੈ ਅਤੇ ਸਾਰੇ ਕਿਸਾਨ ਤੇ ਕੰਬਾਈਨ ਮਾਲਕ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ।
ਇਸ ਮੌਕੇ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਤੇ ਸਟਾਫ਼ ਅਤੇ ਜ਼ਿਲ੍ਹੇ ਦੇ ਕੰਬਾਈਨ ਮਾਲਕ ਮੌਜੂਦ ਸਨ।
Combines Should Not Be Operated Without Super Sms Additional Deputy Commissioner Instructs Combine Owners