September 12, 2025
bureau / Bathinda
ਸੱਪ ਦੇ ਡੰਗਣ ਦੀ ਸੂਰਤ ‘ਚ ਘਬਰਾਉਣ ਦੀ ਲੋੜ ਨਹੀਂ ਸਗੋਂ ਇਸ ਦਾ ਇਲਾਜ ਸੰਭਵ ਹੈ ਤੇ ਸਿਹਤ ਵਿਭਾਗ ਨੇ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਐਡਵਾਈਜਰੀ ਜਾਰੀ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ। ਜ਼ਿਲ੍ਹਾ ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬੱਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੀ.ਐਚ.ਸੀ ਅਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਸੱਪ ਜ਼ਹਿਰ ਦੇ ਟੀਕੇ ਉਪਲਬੱਧ ਹਨ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੱਪਾਂ ਦੇ ਡੰਗਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, ਇਸ ਲਈ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ।
ਬਾਕਸ ਲਈ ਪ੍ਰਸਤਾਵਿਤ
ਸੱਪ ਦੇ ਡੰਗਣ ਦੀ ਸੂਰਤ ਵਿੱਚ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਪੀੜਤ ਨੂੰ ਹਸਪਤਾਲ ਲੈ ਜਾਓ ਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ। ਪੀੜਤ ਨੂੰ ਹੌਸਲਾ ਦਿੰਦੇ ਰਹੋ ਅਤੇ ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ। ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ। ਜਿਸ ਥਾਂ 'ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ।
ਡੰਗ ਵਾਲੀ ਥਾਂ 'ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ-ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ 'ਤੇ ਕੋਈ ਜੜ੍ਹੀ ਬੂਟੀ ਲਗਾਓ। ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖੋ। ਜੁੱਤੇ ਪਹਿਨਣ ਤੋਂ ਪਹਿਲਾਂ ਜੁੱਤਿਆਂ ਨੂੰ ਚੰਗੀ ਤਰ੍ਹਾਂ ਝਾੜ ਲਉ।
No Need To Panic In Case Of Snake Bite Treatment Is Possible Civil Surgeon