September 12, 2025
bureau / Malerkotla
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਜ਼ੀਫਾ ਲੈਣ ਦੇ ਚਾਹਵਾਨ ਵਿਦਿਆਰਥੀ 30 ਸਤੰਬਰ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਇਸ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿੱਚ ਉਚੇਰੀ ਵਿੱਦਿਆ ਲੈਣ ਲਈ ਵਜ਼ੀਫ਼ੇ ਦੇ ਯੋਗ ਹਨ, ਵਿਦਿਆਰਥੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ, ਉਹ ਵਿਦਿਆਰਥੀ ਮਾਰਚ 2021 ਰਾਹੀਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਡਾ. ਅੰਬੇਦਕਰ ਪੋਰਟਲ 'ਤੇ ਫਰੀਸ਼ਿਪ ਕਾਰਡ ਆਨਲਾਈਨ ਅਪਲਾਈ ਕਰਨਗੇ।
ਮੁਕਲ ਬਾਵਾ ਨੇ ਦੱਸਿਆ ਕਿ ਫ਼ਰੀਸ਼ਿਪ ਅਪਲਾਈ ਕਰਨ ਲਈ 2.50 ਲੱਖ ਰੁਪਏ ਤੋਂ ਘੱਟ ਸਲਾਨਾ ਆਮਦਨ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ (ਨਵੇਂ ਤੇ ਨਵਿਆਉਣਯੋਗ) ਵਿਦਿਆਰਥੀਆਂ ਲਈ ਭਲਾਈ ਵਿਭਾਗ ਦੀ ਵੈਬਸਾਈਟ www.scholarships.gov.in ' ਤੇ ਡਾ. ਅੰਬੇਦਕਰ ਪੋਰਟਲ 30 ਸਤੰਬਰ 2025 ਤੱਕ ਖੋਲਿਆ ਗਿਆ ਹੈ। ਵਿਦਿਆਰਥੀਆਂ ਵੱਲੋਂ ਫ਼ਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ 'ਤੇ ਰਜਿਸਟਰ ਕਰਨ ਲਈ ਆਧਾਰ ਨੰਬਰ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਸਮੇਂ ਫ਼ੋਟੋ, ਜਾਤੀ ਸਰਟੀਫਿਕੇਟ, ਤਹਿਸੀਲਦਾਰ ਵੱਲੋਂ ਜਾਰੀ ਆਮਦਨ ਸਰਟੀਫਿਕੇਟ (ਕੇਵਲ ਨਵੇਂ ਵਿਦਿਆਰਥੀਆਂ ਲਈ) ਅਤੇ ਪਿਛਲੀ ਕਲਾਸ ਦੇ ਡੀ.ਐਮ.ਸੀ ਜਾਂ ਡਿਗਰੀ ਸਰਟੀਫਿਕੇਟ ਵੀ ਅੱਪਲੋਡ ਕੀਤੇ ਜਾਣਗੇ। ਅਪਲਾਈ ਹੋਣ ਤੋਂ ਬਾਅਦ ਯੋਗ ਵਿਦਿਆਰਥੀ ਆਪਣਾ ਫ਼ਰੀਸ਼ਿਪ ਕਾਰਡ ਪੋਰਟਲ ਤੋਂ ਡਾਊਨਲੋਡ ਕਰਕੇ ਜਿਸ ਸੰਸਥਾ ਵਿੱਚ ਪੜ੍ਹ ਰਹੇ ਹਨ ਜਾਂ ਦਾਖਲਾ ਲੈਣਾ ਹੈ, ਵਿਖੇ ਜਮ੍ਹਾਂ ਕਰਵਾਉਣਗੇ।
ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਤਹਿਸੀਲ ਦੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
Applications Can Be Made Till September 30 To Avail The Benefits Of Post Matric Scholarship Scheme